ਜਦੋਂ ਤੁਸੀਂ ਨਿਊਰੋਡਾਈਵਰਜੈਂਟ (ਦਿਮਾਗੀ ਤੌਰ 'ਤੇ ਵੱਖਰੇ ਢੰਗ ਨਾਲ ਕੰਮ ਕਰਨ ਵਾਲੇ) ਹੋਵੋ, ਤਾਂ ਔਨਲਾਈਨ ਚੰਗੇ ਤਰੀਕੇ ਨਾਲ ਅੱਗੇ ਵੱਧਣਾ (Thriving online when you’re neurodivergent)
ਨਿਊਰੋਡਾਈਵਰਜੈਂਟ ਹੋਣ ਦਾ ਮਤਲਬ ਹੈ ਕਿ ਤੁਹਾਡਾ ਦਿਮਾਗ ਆਪਣੇ ਵਿਲੱਖਣ ਤਰੀਕੇ ਨਾਲ ਕੰਮ ਕਰਦਾ ਹੈ, ਅਤੇ ਇਹ ਤੁਹਾਡੀ ਤਾਕਤ ਹੈ। ਇੰਟਰਨੈੱਟ ਸਿੱਖਣ, ਨਵੀਆਂ ਚੀਜ਼ਾਂ ਬਣਾਉਣ ਅਤੇ ਲੋਕਾਂ ਨਾਲ ਜੁੜਨ ਲਈ ਇੱਕ ਸ਼ਾਨਦਾਰ ਥਾਂ ਹੋ ਸਕਦੀ ਹੈ, ਪਰ ਇਸ ਨਾਲ ਕੁੱਝ ਚੁਣੌਤੀਆਂ ਵੀ ਆ ਸਕਦੀਆਂ ਹਨ। ਇਹ ਗਾਈਡ ਤੁਹਾਨੂੰ ਆਪਣੇ ਔਨਲਾਈਨ ਅਨੁਭਵ ਅਜਿਹੇ ਤਰੀਕੇ ਨਾਲ ਬਣਾਉਣ ਵਿੱਚ ਮੱਦਦ ਕਰੇਗੀ, ਜੋ ਸੁਰੱਖਿਅਤ, ਸਹਾਇਕ ਅਤੇ ਆਤਮ-ਵਿਸ਼ਵਾਸ ਵਧਾਉਣ ਵਾਲੇ ਮਹਿਸੂਸ ਹੋਣ।
ਨਿਊਰੋਡਾਈਵਰਜੈਂਟ’ ਦਾ ਕੀ ਮਤਲਬ ਹੈ?
ਹਰ ਕਿਸੇ ਦਾ ਦਿਮਾਗ ਵੱਖਰਾ ਹੁੰਦਾ ਹੈ, ਅਤੇ ਸੋਚਣ ਜਾਂ ਕਿਸੇ ਹਾਲਤ ਵਿੱਚ ਹੋਣ ਦਾ ਕੋਈ ਇੱਕ ਹੀ ‘ਸਹੀ’ ਤਰੀਕਾ ਨਹੀਂ ਹੁੰਦਾ ਹੈ। ਜੇਕਰ ਤੁਸੀਂ ਨਿਊਰੋਡਾਈਵਰਜੈਂਟ ਹੋ, ਤਾਂ ਤੁਸੀਂ ਹੋਰ ਲੋਕਾਂ ਤੋਂ ਵੱਖਰੇ ਤਰੀਕੇ ਨਾਲ ਸੋਚ ਸਕਦੇ ਹੋ, ਸਿੱਖ ਸਕਦੇ ਹੋ ਜਾਂ ਗੱਲਬਾਤ ਕਰ ਸਕਦੇ ਹੋ, ਅਤੇ ਇਹ ਬਿਲਕੁਲ ਠੀਕ ਹੈ।
ਕੀ ਤੁਹਾਨੂੰ ਪਤਾ ਹੈ ਕਿ ਲਗਭਗ ਹਰ 5 ਵਿੱਚੋਂ 1 ਵਿਅਕਤੀ ਨਿਊਰੋਡਾਈਵਰਜੈਂਟ ਹੁੰਦਾ ਹੈ? ਉਦਾਹਰਨ ਵਜੋਂ, ਉਹ ਔਟਿਸਟਿਕ, ਡਿਸਲੈਕਸਿਕ, ਡਿਸਪ੍ਰੈਕਸਿਕ ਹੋ ਸਕਦੇ ਹਨ, ਜਾਂ ਉਹਨਾਂ ਨੂੰ ADHD ਜਾਂ ਟੂਰੇਟ ਸਿੰਡਰੋਮ ਹੋ ਸਕਦਾ ਹੈ।
ਤੁਹਾਡੀਆਂ ਔਨਲਾਈਨ ਤਾਕਤਾਂ (ਅਤੇ ਚੁਣੌਤੀਆਂ)
ਨਿਊਰੋਡਾਈਵਰਜੈਂਟ ਹੋਣਾ ਤੁਹਾਡੇ ਔਨਲਾਈਨ ਅਨੁਭਵਾਂ ਨੂੰ ਦੋਵੇਂ, ਚੰਗੇ ਅਤੇ ਕਈ ਵਾਰ ਔਖੇ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ। ਆਪਣੀਆਂ ਤਾਕਤਾਂ ਅਤੇ ਚੁਣੌਤੀਆਂ ਨੂੰ ਸਮਝਣਾ, ਤੁਹਾਨੂੰ ਵਧੇਰੇ ਸੁਰੱਖਿਅਤ ਰਹਿਣ ਅਤੇ ਜ਼ਿਆਦਾ ਆਤਮ-ਵਿਸ਼ਵਾਸੀ ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ।
ਤੁਹਾਡੀਆਂ ਤਾਕਤਾਂ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਰਚਨਾਤਮਕ ਤਰੀਕੇ ਨਾਲ ਸੋਚਣਾ ਅਤੇ ਵਿਲੱਖਣ ਵਿਚਾਰ ਹੋਣਾ
- ਗਹਿਰੀ ਦਿਲਚਸਪੀ ਹੋਣਾ ਅਤੇ ਧਿਆਨ ਨਾਲ ਕਿਸੇ ਚੀਜ਼ ‘ਤੇ ਕੇਂਦ੍ਰਿਤ ਰਹਿਣਾ
- ਇਮਾਨਦਾਰ ਅਤੇ ਖੁੱਲ੍ਹੇ ਸੁਭਾਅ ਵਾਲੇ ਹੋਣਾ
- ਦੂਜਿਆਂ ਪ੍ਰਤੀ ਹਮਦਰਦੀ ਦਿਖਾਉਣਾ ਅਤੇ ਉਨ੍ਹਾਂ ਦੀ ਪਰਵਾਹ ਕਰਨਾ।
ਤੁਹਾਡੀਆਂ ਚੁਣੌਤੀਆਂ ਵਿੱਚ ਇਹ ਸ਼ਾਮਲ ਹੋ ਸਕਦਾ ਹੈ:
- ਸੁਨੇਹਿਆਂ ਵਿੱਚ ਸੁਰ ਜਾਂ ਵਿਅੰਗ ਸਮਝਣ ਵਿੱਚ ਮੁਸ਼ਕਿਲ ਹੋਣਾ
- ਬਹੁਤ ਜ਼ਿਆਦਾ ਸਮੱਗਰੀ ਕਾਰਨ ਘਬਰਾਹਟ ਜਾਂ ਦਬਾਅ ਮਹਿਸੂਸ ਹੋਣਾ
- ਲੋਕਾਂ ‘ਤੇ ਬਹੁਤ ਜਲਦੀ ਭਰੋਸਾ ਕਰ ਲੈਣਾ
- ਨਕਾਰਾਤਮਕ ਜਾਂ ਪ੍ਰੇਸ਼ਾਨ ਕਰਨ ਵਾਲੀ ਸਮੱਗਰੀ ‘ਤੇ ਬਹੁਤ ਸਖ਼ਤ ਪ੍ਰਤੀਕਿਰਿਆਵਾਂ ਹੋਣਾ।
ਔਨਲਾਈਨ ਸੁਰੱਖਿਅਤ ਰਹੋ
ਸਿਹਤਮੰਦ ਆਦਤਾਂ ਬਣਾਓ
- ਬ੍ਰੇਕਾਂ ਲਓ। ਔਨਲਾਈਨ ਸਮਾਂ ਬਹੁਤ ਜਲਦੀ ਲੰਘ ਸਕਦਾ ਹੈ ਅਤੇ ਇਹ ਦਬਾਅ ਵਾਲਾ ਮਹਿਸੂਸ ਹੋ ਸਕਦਾ ਹੈ।
- ਜੋ ਕੁੱਝ ਤੁਸੀਂ ਵੇਖਦੇ ਹੋ, ਉਸ ਬਾਰੇ ਆਲੋਚਨਾਤਮਕ ਤੌਰ 'ਤੇ ਸੋਚੋ।
- ਪੋਸਟ ਕਰਨ ਜਾਂ ਜਵਾਬ ਦੇਣ ਤੋਂ ਪਹਿਲਾਂ ਰੁਕੋ। ਇਸ ਨਾਲ ਤੁਹਾਡੇ ਵੱਲੋਂ ਕੋਈ ਜ਼ੋਖਮ ਭਰਿਆ ਕੰਮ ਕਰਨ ਦੀ ਸੰਭਾਵਨਾ ਘੱਟ ਹੋਵੇਗੀ।
- ਜਦੋਂ ਕੋਈ ਚੀਜ਼ ਉਲਝਣ ਵਾਲੀ ਜਾਂ ਤਣਾਅਪੂਰਨ ਲੱਗੇ, ਤਾਂ ਮੱਦਦ ਮੰਗੋ।
ਆਪਣੀ ਗੁਪਤਤਾ ਦੀ ਰੱਖਿਆ ਕਰੋ
- ਜਦੋਂ ਤੱਕ ਤੁਸੀਂ ਕਿਸੇ ਵਿਅਕਤੀ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹੋ, ਆਪਣੇ ਖਾਤੇ ਨੂੰ ਪ੍ਰਾਈਵੇਟ ਰੱਖੋ।
- ਪਾਸਵਰਡ ਜਾਂ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
- ਉਹਨਾਂ ਸੰਪਰਕਾਂ ਨੂੰ ਹਟਾਓ, ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਜਿਨ੍ਹਾਂ ‘ਤੇ ਤੁਹਾਨੂੰ ਪੂਰਾ ਭਰੋਸਾ ਨਹੀਂ ਹੈ।
- ਨਕਲੀ ਖਾਤਿਆਂ ਜਾਂ ਔਨਲਾਈਨ ਕਿਸੇ ਹੋਰ ਵਿਅਕਤੀ ਬਣਨ ਦਾ ਦਿਖਾਵਾ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹੋ।
ਚੇਤਾਵਨੀ ਦੇ ਸੰਕੇਤਾਂ ਤੋਂ ਸਾਵਧਾਨ ਰਹੋ
ਸਾਈਬਰ ਧੱਕੇਸ਼ਾਹੀ ਅਤੇ ਹੋਰ ਔਨਲਾਈਨ ਨੁਕਸਾਨਾਂ ਦੇ ਚੇਤਾਵਨੀ ਸੰਕੇਤਾਂ ਨੂੰ ਪਛਾਣਨਾ ਸਿੱਖੋ। ਕੁੱਝ ਨੁਕਸਾਨਦੇਹ ਵਿਵਹਾਰਾਂ ਨੂੰ ਪਛਾਣਨਾ ਮੁਸ਼ਕਿਲ ਹੋ ਸਕਦਾ ਹੈ। ਇੱਥੇ ਕੁੱਝ ਚੇਤਾਵਨੀ ਸੰਕੇਤ ਦਿੱਤੇ ਗਏ ਹਨ, ਜਿਨ੍ਹਾਂ ਤੋਂ ਤੁਸੀਂ ਸਾਵਧਾਨ ਰਹਿ ਸਕਦੇ ਹੋ ਜੇਕਰ:
- ਕੋਈ ਵਿਅਕਤੀ ਤੁਹਾਨੂੰ ਨਿੱਜੀ ਤਸਵੀਰਾਂ ਜਾਂ ਨਿੱਜੀ ਜਾਣਕਾਰੀ ਸਾਂਝੀ ਕਰਨ ਲਈ ਕਹੇ।
- ਕੋਈ ਵਿਅਕਤੀ ਕੋਈ ਹੋਰ ਬਣਨ ਦਾ ਦਿਖਾਵਾ ਕਰੇ ਜਾਂ ਨਕਲੀ ਪ੍ਰੋਫ਼ਾਈਲ ਦੀ ਵਰਤੋਂ ਕਰੇ।
- ਕੋਈ ਅਜਿਹਾ ਵਿਅਕਤੀ ਜਿਸਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਹੋ, ਤੁਹਾਡੇ ‘ਤੇ ਗੱਲਬਾਤ ਨੂੰ ਕਿਸੇ ਹੋਰ ਵੱਖਰੇ ਮੈਸੇਜਿੰਗ ਐਪ ਜਾਂ ਪਲੇਟਫ਼ਾਰਮ ‘ਤੇ ਲਿਜਾਣ ਲਈ ਦਬਾਅ ਪਾਉਂਦਾ ਹੈ।
- ਕਿਸੇ ਵਿਅਕਤੀ ਦੀ ਉਮਰ ਜਾਂ ਕਹਾਣੀ ਉਸ ਦੀਆਂ ਔਨਲਾਈਨ ਗੱਲਾਂ ਜਾਂ ਵਿਵਹਾਰ ਨਾਲ ਮੇਲ ਨਾ ਖਾਂਦੀ ਹੋਵੇ, ਖ਼ਾਸ ਕਰਕੇ ਜੇਕਰ ਉਹਨਾਂ ਵੱਲੋਂ ਗੱਲਾਂ ਰੋਮਾਂਟਿਕ ਜਾਂ ਜਿਨਸੀ ਰੁਖ ਲੈਣ ਲੱਗਣ।
ਸਾਈਬਰ ਧੱਕੇਸ਼ਾਹੀ ਕਈ ਵਾਰ ਅਜਿਹੇ ਤਰੀਕਿਆਂ ਨਾਲ ਵੀ ਹੋ ਸਕਦੀ ਹੈ, ਜੋ ਤੁਰੰਤ ਸਮਝ ਨਾ ਆਉਣ। ਇਹ ਔਨਲਾਈਨ ਬੁਲਿੰਗ ਦੇ ਕੁੱਝ ਆਮ ਸੰਕੇਤ ਹਨ:
- ਕੋਈ ਵਿਅਕਤੀ ਤੁਹਾਡੀਆਂ ਪੋਸਟਾਂ ਨੂੰ ਹਾਸੇ ਵਾਲੇ ਇਮੋਜੀ ਨਾਲ ਸਕ੍ਰੀਨਸ਼ਾਟ ਲੈ ਕੇ ਦੁਬਾਰਾ ਸਾਂਝਾ ਕਰਦਾ ਹੈ।
- ਕੋਈ ਵਿਅਕਤੀ ਤੁਹਾਡੇ ਔਨਲਾਈਨ ਹੋਣ ਦਾ ਦਿਖਾਵਾ ਕਰਦਾ ਹੈ ਜਾਂ ਤੁਹਾਡੇ ਨਾਮ ਨਾਲ ਇੱਕ ਜਾਅਲੀ ਖਾਤਾ ਬਣਾਉਂਦਾ ਹੈ।
- ਕੋਈ ਤੁਹਾਨੂੰ ਇੱਕ ਗਰੁੱਪ ਚੈਟ ਵਿੱਚ ਸੱਦਾ ਦਿੰਦਾ ਹੈ, ਅਤੇ ਫਿਰ ਤੁਹਾਡੇ ਨਾਲ ਬੁਰਾ ਵਿਵਹਾਰ ਕਰਦਾ ਹੈ।
- ਤੁਹਾਨੂੰ ਦੁੱਖ ਪਹੁੰਚਾਉਣ ਵਾਲੇ ਮੀਮਜ਼ ਜਾਂ ਪ੍ਰੇਸ਼ਾਨ ਕਰਨ ਵਾਲੇ ਮਜ਼ਾਕਾਂ ਵਿੱਚ ਟੈਗ ਕੀਤਾ ਜਾਵੇ।
ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਵਿਵਹਾਰ ਵੇਖਦੇ ਹੋ, ਤਾਂ ਉਹਨਾਂ ਲੋਕਾਂ ਜਾਂ ਸੇਵਾਵਾਂ ਤੋਂ ਮੱਦਦ ਅਤੇ ਸਲਾਹ ਲੈਣਾ ਮਹੱਤਵਪੂਰਨ ਹੈ ਜਿਨ੍ਹਾਂ ‘ਤੇ ਤੁਸੀਂ ਭਰੋਸਾ ਕਰਦੇ ਹੋ।
ਤੁਸੀਂ ਇਸ ਵਿਵਹਾਰ ਦੀ ਰਿਪੋਰਟ ਔਨਲਾਈਨ ਪਲੇਟਫ਼ਾਰਮ ਨੂੰ ਵੀ ਕਰ ਸਕਦੇ ਹੋ। eSafety ਗਾਈਡ ਵਿੱਚ ਵੱਖ-ਵੱਖ ਪਲੇਟਫ਼ਾਰਮਾਂ, ਐਪਾਂ ਅਤੇ ਵੈੱਬਸਾਈਟਾਂ ‘ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰਨ ਬਾਰੇ ਕਦਮ-ਦਰ-ਕਦਮ ਜਾਣਕਾਰੀ ਦਿੱਤੀ ਗਈ ਹੈ। ਜੇਕਰ ਉਹ ਸੇਵਾ ਮਦਦ ਨਹੀਂ ਕਰਦੀ, ਅਤੇ ਦੁਰਵਿਵਹਾਰ ਬਹੁਤ ਗੰਭੀਰ ਹੈ, ਤਾਂ ਇਸਦੀ ਰਿਪੋਰਟ eSafety ਨੂੰ ਕਰੋ।
ਔਨਲਾਈਨ ਹੋਣਾ ਸੌਖਾ ਬਣਾਉਣ ਲਈ, ਤੁਹਾਡੇ ਲਈ ਕਾਰਗਰ ਹੋਣ ਵਾਲੇ ਸਾਧਨਾਂ ਦੀ ਵਰਤੋਂ ਕਰੋ
ਆਪਣੇ ਔਨਲਾਈਨ ਅਨੁਭਵ ਨੂੰ ਆਪਣੀ ਲੋੜ ਅਨੁਸਾਰ ਬਣਾਉਣ ਲਈ, ਯੂਜ਼ਰ ਕੰਟਰੋਲ ਅਤੇ ਪਹੁੰਚਯੋਗਤਾ ਵਿਸ਼ੇਸ਼ਤਾਵਾਂ ਦੀ ਵਰਤੋਂ ਕਰੋ। ਜ਼ਿਆਦਾਤਰ ਸੋਸ਼ਲ ਪਲੇਟਫ਼ਾਰਮਾਂ, ਐਪਾਂ, ਵੈੱਬਸਾਈਟਾਂ ਅਤੇ ਗੇਮਾਂ ਵਿੱਚ ਤੁਹਾਡੀਆਂ ਖ਼ਾਸ ਜ਼ਰੂਰਤਾਂ ਦੇ ਅਨੁਸਾਰ ਚੁਣਨ ਲਈ ਕਈ ਤਰ੍ਹਾਂ ਦੇ ਕੰਟਰੋਲ ਹੁੰਦੇ ਹਨ। ਇੱਥੇ ਕੁੱਝ ਉਦਾਹਰਨਾਂ ਦਿੱਤੀਆਂ ਗਈਆਂ ਹਨ ਕਿ ਤੁਸੀਂ ਕੀ ਕਰ ਸਕਦੇ ਹੋ:
- ਆਪਣੀਆਂ ਡਿਵਾਈਸਾਂ ‘ਤੇ ਸਕ੍ਰੀਨਟਾਈਮ ਹੱਦਾਂ ਸੈੱਟ ਕਰੋ, ਤਾਂ ਜੋ ਤੁਸੀਂ ਇਹ ਦੇਖ ਸਕੋ ਕਿ ਤੁਸੀਂ ਆਪਣੀਆਂ ਮਨਪਸੰਦ ਐਪਾਂ ਅਤੇ ਪਲੇਟਫ਼ਾਰਮਾਂ ‘ਤੇ ਕਿੰਨਾ ਸਮਾਂ ਬਿਤਾ ਰਹੇ ਹੋ।
- ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਘੱਟ ਕਰਨ ਲਈ ਰੀਡਿੰਗ ਮੋਡ ਜਾਂ ਸਿਰਫ਼ ਟੈਕਸਟ-ਵਿਊਜ਼ ਦੀ ਵਰਤੋਂ ਕਰੋ। (ਤੁਸੀਂ ਆਮ ਤੌਰ ‘ਤੇ ਇਸਨੂੰ ਆਪਣੀਆਂ ਬ੍ਰਾਊਜ਼ਰ ਸੈਟਿੰਗਾਂ ਰਾਹੀਂ ਚਾਲੂ ਕਰ ਸਕਦੇ ਹੋ।)
- ਆਪਣੇ ਬ੍ਰਾਊਜ਼ਰ ਵਿੱਚ ਇੱਕ ਸਕ੍ਰੀਨ ਮਾਸਕ ਸ਼ਾਮਲ ਕਰੋ। ਇਹ ਆਮ ਤੌਰ ‘ਤੇ ਸਕ੍ਰੀਨ ਨੂੰ ਧੁੰਦਲਾ ਜਾਂ ਗੂੜ੍ਹਾ ਕਰ ਦਿੰਦਾ ਹੈ, ਸਿਵਾਏ ਇੱਕ ਖ਼ਾਸ ਹਿੱਸੇ ਦੇ, ਤਾਂ ਜੋ ਤੁਸੀਂ ਇੱਕ ਸਮੇਂ ‘ਤੇ ਸਿਰਫ਼ ਇੱਕ ਹਿੱਸੇ ਜਾਂ ਪੈਰ੍ਹੇ ‘ਤੇ ਧਿਆਨ ਕੇਂਦ੍ਰਿਤ ਕਰ ਸਕੋ।
- ਅੱਖਾਂ ‘ਤੇ ਦਬਾਅ ਘੱਟ ਕਰਨ ਲਈ ਸਕ੍ਰੀਨ ਦੀ ਚਮਕ ਠੀਕ ਕਰੋ, ਜਾਂ ਨੀਲੀ ਰੌਸ਼ਨੀ ਵਾਲੇ ਫ਼ਿਲਟਰਾਂ ਦੀ ਵਰਤੋਂ ਕਰੋ।
- ਚਮਕ ਅਤੇ ਸੰਵੇਦਨਸ਼ੀਲਤਾ ਨੂੰ ਘਟਾਉਣ ਲਈ 'ਡਾਰਕ ਮੋਡ' ਦੀ ਵਰਤੋਂ ਕਰੋ, ਖ਼ਾਸ ਕਰਕੇ ਘੱਟ ਰੌਸ਼ਨੀ ਵਾਲੀਆਂ ਥਾਵਾਂ ‘ਤੇ।
- ਲਿਖਤੀ ਗੱਲਬਾਤ ਨੂੰ ਆਸਾਨ ਬਣਾਉਣ ਲਈ ਟੋਨ ਇੰਡੀਕੇਟਰਾਂ ਦੀ ਵਰਤੋਂ ਕਰੋ, ਜਿਵੇਂ ਕਿ ਮਜ਼ਾਕ ਲਈ /j, ਗੰਭੀਰ ਗੱਲ ਲਈ /srs ਜਾਂ ਵਿਅੰਗ ਲਈ /s। ਗਲਤਫ਼ਹਿਮੀਆਂ ਨੂੰ ਘਟਾਉਣ ਲਈ, ਤੁਸੀਂ ਆਪਣੇ ਦੋਸਤਾਂ ਨੂੰ ਵੀ ਅਜਿਹਾ ਕਰਨ ਲਈ ਕਹਿ ਸਕਦੇ ਹੋ।
- ਕੰਪਿਊਟਰ ਜਾਂ ਡਿਵਾਈਸ ਦੀ ਸਕ੍ਰੀਨ ‘ਤੇ ਮੌਜੂਦ ਸ਼ਬਦਾਂ ਅਤੇ ਹੋਰ ਚੀਜ਼ਾਂ ਨੂੰ ਉੱਚੀ ਆਵਾਜ਼ ਵਿੱਚ ਸੁਣਨ ਅਤੇ ਦਿੱਖ ਸੰਬੰਧੀ ‘ਸ਼ੋਰ’ ਘੱਟ ਕਰਨ ਲਈ ਸਕ੍ਰੀਨ ਰੀਡਰ ਦੀ ਵਰਤੋਂ ਕਰੋ।
- ਆਪਣੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਮਰਸਿਵ ਰੀਡਰ ਵਰਤਣ ਬਾਰੇ ਸੋਚੋ, ਜਿਸ ਵਿੱਚ ਸ਼ਬਦਾਂ ਨੂੰ ਆਵਾਜ਼ ਵਿੱਚ ਬਦਲਣਾ, ਸ਼ਬਦਾਂ ਨੂੰ ਹਿੱਸਿਆਂ ਵਿੱਚ ਵੰਡਣਾ ਅਤੇ ਫ਼ੌਂਟ ਦਾ ਆਕਾਰ, ਖ਼ਾਲੀ ਥਾਂ ਅਤੇ ਰੰਗ ਚੁਣਨ ਵਰਗੇ ਫ਼ੀਚਰ ਹੁੰਦੇ ਹਨ।
- ਉਹ ਖ਼ਬਰਾਂ ਜਾਂ ਸਮੱਗਰੀ ਨੂੰ ਬਲੌਕ ਕਰੋ ਜਾਂ ਲੁਕਾਓ, ਜੋ ਤੁਹਾਨੂੰ ਬੇਚੈਨ ਜਾਂ ਪ੍ਰੇਸ਼ਾਨ ਕਰਨ ਵਾਲੀ ਲੱਗ ਸਕਦੀ ਹੈ। ਤੁਸੀਂ ਖ਼ਬਰਾਂ ਵਾਲੀਆਂ ਐਪਾਂ ਵਿੱਚ ਮੌਜੂਦ ਵਿੱਚੇ ਬਣੇ ਫ਼ੀਚਰਾਂ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ‘Fewer stories like this’ ('ਇਸ ਤਰ੍ਹਾਂ ਦੀਆਂ ਘੱਟ ਕਹਾਣੀਆਂ') ਜਾਂ ‘Hide all stories from’ ('ਸਾਰੀਆਂ ਕਹਾਣੀਆਂ ਲੁਕਾਓ'), ਜੋ ਆਮ ਤੌਰ ‘ਤੇ ਤਿੰਨ ਬਿੰਦੀਆਂ ਵਾਲੇ ਮੀਨੂ ‘ਤੇ ਟੈਪ ਕਰਕੇ ਮਿਲਦੀਆਂ ਹਨ। ਕੁੱਝ ਪਲੇਟਫ਼ਾਰਮ ਤੁਹਾਨੂੰ ਅਜਿਹੀਆਂ ਪੋਸਟਾਂ, ਟਿੱਪਣੀਆਂ, ਸੁਨੇਹਿਆਂ ਅਤੇ ਨੋਟੀਫਿਕੇਸ਼ਨਾਂ ਨੂੰ ਫਿਲਟਰ ਕਰਨ ਦੀ ਵੀ ਇਜਾਜ਼ਤ ਦਿੰਦੇ ਹਨ, ਜਿਨ੍ਹਾਂ ਵਿੱਚ ਕੋਈ ਖ਼ਾਸ ਸ਼ਬਦ ਜਾਂ ਵਾਕ ਹੋਣ।
- ਸ਼ੋਰ-ਸ਼ਰਾਬੇ ਵਾਲੀਆਂ ਥਾਵਾਂ ‘ਤੇ ਧਿਆਨ-ਕੇਂਦ੍ਰਿਤ ਕਰਨ ਅਤੇ ਸ਼ਾਂਤ ਰਹਿਣ ਲਈ ਈਅਰ ਪਲੱਗ ਜਾਂ ਸ਼ੋਰ ਘੱਟ ਕਰਨ ਵਾਲੇ ਹੈੱਡਫ਼ੋਨ ਵਰਤੋਂ।
ਸੁਰੱਖਿਅਤ ਅਤੇ ਸਹਾਇਕ ਭਾਈਚਾਰੇ ਲੱਭੋ
ਇੱਥੇ ਕੁੱਝ ਤਰੀਕੇ ਦਿੱਤੇ ਗਏ ਹਨ ਜਿਨ੍ਹਾਂ ਰਾਹੀਂ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੀਆਂ ਔਨਲਾਈਨ ਥਾਵਾਂ ਸੁਰੱਖਿਅਤ ਹਨ ਜਾਂ ਨਹੀਂ:
- ਉਹ ਤੁਹਾਨੂੰ ਆਪਣੇ ਆਪ ਵਾਂਗ ਰਹਿਣ ਦਿੰਦੇ ਹਨ।
- ਉਹ ਤੁਹਾਡੀਆਂ ਹੱਦਾਂ ਦਾ ਆਦਰ ਕਰਦੇ ਹਨ।
- ਉਹ ਦਿਆਲੂ ਅਤੇ ਸਮਝਦਾਰ ਹੁੰਦੇ ਹਨ।
- ਉਹ ਉਹਨਾਂ ਲੋਕਾਂ ਦਾ ਸਾਥ ਦਿੰਦੇ ਹਨ, ਜਿਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ ਜਾ ਰਿਹਾ ਹੋਵੇ।
ਤੁਹਾਡੇ ਲਈ ਵੀ ਇਹ ਮਹੱਤਵਪੂਰਨ ਹੈ ਕਿ ਤੁਸੀਂ:
- ਦੂਜਿਆਂ ਦਾ ਸਤਿਕਾਰ ਕਰੋ
- ਵੱਖ-ਵੱਖ ਵਿਚਾਰਾਂ ਪ੍ਰਤੀ ਖੁੱਲ੍ਹਾ ਰਵੱਈਆ ਰੱਖੋ
- ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇ, ਤਾਂ ਦੂਜਿਆਂ ਦੇ ਹੱਕ ਵਿੱਚ ਆਵਾਜ਼ ਉਠਾਓ।
ਮੱਦਦ ਕਿਵੇਂ ਲੈਣੀ ਹੈ?
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਉਮਰ ਦੇ ਹੋਵੋ, ਜੇਕਰ ਤੁਹਾਡੇ ਨਾਲ ਔਨਲਾਈਨ ਕੋਈ ਨੁਕਸਾਨਦੇਹ ਅਨੁਭਵ ਹੁੰਦਾ ਹੈ, ਤਾਂ ਤੁਹਾਨੂੰ ਮੱਦਦ ਲੈਣੀ ਚਾਹੀਦੀ ਹੈ — ਭਾਵੇਂ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਹੋ ਅਤੇ ਇਹ ਕਿਸੇ ਉਮਰ ਦੀ ਪਾਬੰਦੀ ਵਾਲੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਹੋਇਆ ਹੋਵੇ। ਜੇਕਰ ਤੁਹਾਡੇ ਕੋਲ ਅਜੇ ਵੀ ਖਾਤਾ ਹੈ, ਤਾਂ ਵੀ ਤੁਸੀਂ ਮੁਸੀਬਤ ਵਿੱਚ ਨਹੀਂ ਫਸੋਗੇ।
ਜੇਕਰ ਤੁਸੀਂ ਔਨਲਾਈਨ ਕਿਸੇ ਚੀਜ਼ ਜਾਂ ਵਿਅਕਤੀ ਬਾਰੇ ਨਿਸ਼ਚਿੰਤ ਨਹੀਂ ਹੋ, ਜਾਂ ਤੁਸੀਂ ਤਣਾਅ, ਦਬਾਅ, ਉਲਝਣ, ਚਿੰਤਾ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ:
- ਇਸ ਬਾਰੇ ਕਿਸੇ ਭਰੋਸੇਯੋਗ ਬਾਲਗ ਵਿਅਕਤੀ ਨਾਲ ਗੱਲ ਕਰੋ, ਜਿਵੇਂ:
- ਮਾਪੇ ਜਾਂ ਆਂਟੀ
- ਦੇਖਭਾਲ ਕਰਨ ਵਾਲਾ ਵਿਅਕਤੀ
- ਅਧਿਆਪਕ
- ਕੋਚ
- ਭਾਈਚਾਰਕ ਸਹਾਇਤਾ ਕਰਮਚਾਰੀ।
- ਕਿਡਜ਼ ਹੈਲਪਲਾਈਨ (ਜੋ 5 ਤੋਂ 25 ਸਾਲ ਦੇ ਯੁਵਕਾਂ ਲਈ ਹੈ) ਵਰਗੀ ਕਾਊਂਸਲਿੰਗ ਅਤੇ ਸਹਾਇਤਾ ਸੇਵਾ ਨਾਲ, 1800 55 1800 ‘ਤੇ ਜਾਂ www.kidshelpline.com.au ਰਾਹੀਂ ਸੰਪਰਕ ਕਰੋ। ਇਹ ਮੁਫ਼ਤ, ਗੁਪਤ ਹਨ ਅਤੇ 24/7 ਗੱਲ ਕਰਨ ਲਈ ਉਪਲਬਧ ਹਨ।
- ਨੁਕਸਾਨਦੇਹ ਜਾਂ ਗ਼ੈਰ-ਕਾਨੂੰਨੀ ਸਮੱਗਰੀ, ਜਿਸ ਵਿੱਚ ਨਕਲੀ ਤਸਵੀਰਾਂ ਜਾਂ ਵੀਡੀਓ (ਖ਼ਾਸ ਕਰਕੇ ਜੇਕਰ ਉਹ ਜਿਨਸੀ ਕਿਸਮ ਦੀਆਂ ਹੋਣ) ਸ਼ਾਮਲ ਹਨ, ਉਸ ਪਲੇਟਫ਼ਾਰਮ ‘ਤੇ ਰਿਪੋਰਟ ਕਰੋ ਜਿੱਥੇ ਤੁਸੀਂ ਉਹਨਾਂ ਨੂੰ ਵੇਖਿਆ ਸੀ। eSafety ਗਾਈਡ ਵਿੱਚ ਵੱਖ-ਵੱਖ ਪਲੇਟਫ਼ਾਰਮਾਂ, ਐਪਾਂ ਅਤੇ ਵੈੱਬਸਾਈਟਾਂ ‘ਤੇ ਨੁਕਸਾਨਦੇਹ ਸਮੱਗਰੀ ਦੀ ਰਿਪੋਰਟ ਕਰਨ ਬਾਰੇ ਕਦਮ-ਦਰ-ਕਦਮ ਜਾਣਕਾਰੀ ਦਿੱਤੀ ਗਈ ਹੈ।
- ਜੇਕਰ ਪਲੇਟਫ਼ਾਰਮ ਮੱਦਦ ਨਹੀਂ ਕਰਦਾ, ਤਾਂ ਕਿਸੇ ਨੂੰ ਕਹੋ ਕਿ ਉਹ ਇਹ ਜਾਂਚਣ ਵਿੱਚ ਤੁਹਾਡੀ ਮੱਦਦ ਕਰੇ ਕਿ ਕੀ ਇਸਦੀ ਰਿਪੋਰਟ eSafety.gov.au/report ‘ਤੇ eSafety ਨੂੰ ਕੀਤੀ ਜਾ ਸਕਦੀ ਹੈ। eSafety ਸਾਇਬਰ ਧੱਕੇਸ਼ਾਹੀ, ਬਾਲਗਾਂ ਨਾਲ ਸਾਈਬਰ ਦੁਰਵਿਵਹਾਰ ਅਤੇ ਚਿੱਤਰ-ਅਧਾਰਿਤ ਸੋਸ਼ਣ (ਕਿਸੇ ਵਿਅਕਤੀ ਦੀ ਮੰਨਜ਼ੂਰੀ ਤੋਂ ਬਿਨਾਂ ਉਸ ਦੀਆਂ ਨਿੱਜੀ ਤਸਵੀਰਾਂ ਸਾਂਝੀਆਂ ਕਰਨਾ, ਜਾਂ ਸਾਂਝੀਆਂ ਕਰਨ ਦੀਆਂ ਧਮਕੀ ਦੇਣਾ) ਦੇ ਨਾਲ-ਨਾਲ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਸਮੱਗਰੀ ਦੀ ਜਾਂਚ ਕਰ ਸਕਦੀ ਹੈ।
- ਆਪਣੀਆਂ ਗੁਪਤਤਾ ਸੈਟਿੰਗਾਂ ਅਤੇ ਸੁਰੱਖਿਆ ਸੈਟਿੰਗਾਂ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਦੀਆਂ ਟਿੱਪਣੀਆਂ ਨੂੰ ਮਿਊਟ ਕਰੋ ਅਤੇ ਉਨ੍ਹਾਂ ਨਾਲ ਸੰਪਰਕ ਸੀਮਿਤ ਕਰੋ ਜੋ ਤੁਹਾਡੇ ‘ਤੇ ਦਬਾਅ ਪਾਉਂਦੇ ਹਨ ਜਾਂ ਤੁਹਾਨੂੰ ਡਰਾਉਂਦੇ ਹਨ — ਤੁਸੀਂ ਉਨ੍ਹਾਂ ਦੀ ਪਲੇਟਫ਼ਾਰਮ ‘ਤੇ ਰਿਪੋਰਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੌਕ ਵੀ ਕਰ ਸਕਦੇ ਹੋ।
ਹੋਰ ਮਦਦਗਾਰ ਸਰੋਤ
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਇਨ੍ਹਾਂ ਸੰਸਥਾਵਾਂ ਅਤੇ ਸਰੋਤਾਂ ਨੂੰ ਵੇਖੋ:
Last updated: 20/07/2026